Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Saturday, May 1, 2010

ਸੌਦਿਆਂ ਵਾਂਗ ਹੋਏ ਰਿਸ਼ਤੇ, ਅੱਜ ਨਹੀਂ ਤਾਂ ਕੱਲ ਤਿੜਕੇ ਹੀ ਤਿੜਕੇ

        ਸਮਾਜ ਵਿੱਚ ਚੱਲ ਰਹੀਆਂ ਗਲਤ ਰੀਤਾਂ ਨੂੰ ਬਦਲਣ ਜਾਂ ਖਤਮ ਕਰਨ ਦੀ ਗੱਲ ਤਾਂ ਅਸੀਂ ਸਾਰੇ ਹੀ ਕਰਦੇ ਹਾਂ ਪਰ ਉਹਨਾਂ ਨੂੰ ਬਦਲਣ ਵਿੱਚ ਆਪਾਂ ਕਿੰਨਾ ਕੁ ਯੋਗਦਾਨ ਪਾਉਂਦੇ ਹਾਂ ਇਹ ਸਾਰਿਆਂ ਨੂੰ ਪਤਾ ਹੀ ਹੈ, ਦੱਸਣ ਦੀ ਲੋੜ ਨਹੀਂ। ਸਿਆਣੇ ਕਹਿੰਦੇ ਨੇ ਕਿ ਜੇ ਕੋਈ ਕਾਰਜ ਕਰਨ ਲੱਗਿਆਂ ਨੀਅਤ ਵਿੱਚ ਖੋਟ ਰੱਖੀਏ ਤਾਂ ਉਹ ਕਾਰਜ ਕਦੇ ਸਿਰੇ ਨਹੀਂ ਚੜ੍ਹਦਾ ਹੁੰਦਾ।
ਜੇ ਗੱਲ ਕਰੀਏ ਦਾਜ ਵਰਗੀ ਲਾਹਨਤ ਦੀ ਰੀਤ ਦੀ ਕਿ ਇਸ ਨੂੰ ਖਤਮ ਕਰਨ ਲਈ ਕਿੰਨਾ ਇਸ ਦੇ ਖਿਲਾਫ ਲਿਖਿਆ ਗਿਆ, ਕਿੰਨਾ ਪ੍ਰਚਾਰ ਇਸ ਦੇ ਖਿਲਾਫ ਹੋਇਆ। ਪਰ ਫਿਰ ਵੀ ਇਸ ਦੇ ਖਤਮ ਹੋਣ ਦੀ ਗੱਲ ਤਾਂ ਦੂਰ, ਇਹ ਘਟੀ ਵੀ ਨਹੀਂ, ਸਗੋਂ ਵਧੀ ਹੀ ਹੈ। ਇਸ ਦਾ ਮਤਲਬ ਸਾਡੀ ਨੀਅਤ ਵਿੱਚ ਜਰੂਰ ਖੋਟ ਹੈ।
ਕਿਉਂਕਿ ਜੇ ਕੋਈ ਲੇਖਕ ਕਿਸੇ ਗੱਲ ਦੇ ਖਿਲਾਫ ਲਿਖਦਾ ਹੈ ਜਾਂ ਕੋਈ ਪ੍ਰਚਾਰਕ ਕਿਸੇ ਗੱਲ ਖਿਲਾਫ ਪ੍ਰਚਾਰ ਕਰਦਾ ਹੈ, ਪਰ ਖੁਦ ਉਸ ਗੱਲ ਤੇ ਪਹਿਰਾ ਨਹੀਂ ਦਿੰਦਾ ਜਿਹੜੀ ਗੱਲ ਉਹ ਲਿਖ ਰਿਹਾ ਹੁੰਦਾ ਹੈ ਜਾਂ ਕਹਿ ਰਿਹਾ ਹੁੰਦਾ ਹੈ ਤਾਂ ਪੜ੍ਹਨ ਜਾਂ ਸੁਣਨ ਵਾਲਾ ਵੀ ਉਸਦਾ ਬਹੁਤਾ ਅਸਰ ਨਹੀਂ ਕਬੂਲਦਾ।ਸਾਨੂੰ ਇੱਕ ਵਾਰ ਸਾਡੇ ਮਾਸਟਰ ਨੇ ਗੱਲ ਸੁਣਾਈ ਸੀ, ਸ਼ਾਇਦ ਤੁਸੀਂ ਵੀ ਸਾਰਿਆਂ ਨੇ ਸੁਣੀ ਹੀ ਹੋਵੇਗੀ ਕਿ ਇੱਕ ਮੁੰਡਾ ਬਹੁਤ ਜਿਆਦਾ ਗੁੜ ਖਾਂਦਾ ਸੀ। ਉਸਦੀ ਮਾਂ ਉਸ ਨੂੰ ਬਥੇਰਾ ਹਟਾਇਆ ਕਰੇ ਕਿ ਇੰਨਾ ਗੁੜ ਨਹੀਂ ਖਾਈਦਾ ਹੁੰਦਾ ਪਰ ਉਹ ਮਾਂ ਦੀ ਗੱਲ ਅਣਸੁਣੀ ਕਰ ਦਿਆ ਕਰੇ। ਮਾਂ ਬੜੀ ਦੁਖੀ ਕਿ ਇਸ ਨੂੰ ਕਿਸ ਤਰ੍ਹਾਂ ਹਟਾਇਆ ਜਾਵੇ। ਉਸ ਪਿੰਡ ਵਿੱਚ ਇੱਕ ਸਾਧ ਰਹਿੰਦਾ ਸੀ। ਸਾਰਾ ਪਿੰਡ ਉਸਦਾ ਬੜਾ ਸਤਿਕਾਰ ਕਰਦਾ ਸੀ। ਮਾਂ ਨੇ ਇੱਕ ਦਿਨ ਸੋਚਿਆ ਕਿ ਕਿਉਂ ਨਾ ਇਹ ਨੂੰ ਡੇਰੇ ਲੈ ਕੇ ਜਾਵਾਂ, ਸ਼ਾਇਦ ਇਹ ਬਾਬੇ ਦੀ ਗੱਲ ਮੰਨ ਲਵੇ। ਜਦੋਂ ਉਹ ਬੱਚੇ ਨੂੰ ਲੈ ਕੇ ਡੇਰੇ ਪਹੁੰਚੀ, ਸਾਧ ਨੇ ਪੁੱਛਿਆ, ''ਹਾਂ ਭਾਈ, ਕੀ ਸਮੱਸਿਆ ਹੈ?' ਤਾਂ ਮਾਂ ਕਹਿਣ ਲੱਗੀ, ''ਬਾਬਾ ਜੀ, ਮੇਰਾ ਮੁੰਡਾ ਗੁੜ ਬਹੁਤ ਖਾਂਦਾ ਹੈ। ਇਹਨੂੰ ਕਹੋ ਕਿ ਗੁੜ ਨਾ ਖਾਇਆ ਕਰੇ।'' ਸਾਧ ਕਹਿੰਦਾ, ''ਭਾਈ, ਤੂੰ ਇਹਨੂੰ ਪੰਦਰ੍ਹਾਂ ਕੁ ਦਿਨ ਬਾਅਦ ਮੇਰੇ ਕੋਲ ਲੈ ਕੇ ਆਵੀਂ।'' ਮਾਂ ‘ਸਤਿ ਬਚਨ’ ਕਹਿ ਕੇ ਮੁੰਡੇ ਨੂੰ ਨਾਲ ਲੈ ਕੇ ਘਰ ਵਾਪਿਸ ਆ ਗਈ ਤੇ ਪੰਦਰ੍ਹਾਂ ਕੁ ਦਿਨਾਂ ਬਾਅਦ ਫਿਰ ਵਾਪਿਸ ਸਾਧ ਕੋਲ ਚਲੀ ਗਈ। ਸਾਧ ਨੇ ਮੁੰਡੇ ਨੂੰ ਕੋਲ ਬੁਲਾਇਆ ਤੇ ਆਖਿਆ, ''ਬੱਚਾ, ਅੱਜ ਤੋਂ ਤੂੰ ਗੁੜ ਖਾਣਾ ਛੱਡ ਦੇ।'' ਇਹ ਸੁਣ ਕੇ ਮਾਂ ਹੈਰਾਨ ਜਿਹੀ ਹੋ ਕੇ ਕਹਿਣ ਲੱਗੀ, ''ਬਾਬਾ ਜੀ, ਆਹ ਗੱਲ ਤਾਂ ਤੁਸੀਂ ਪੰਦਰਾਂ ਦਿਨ ਪਹਿਲਾਂ ਵੀ ਕਹਿ ਸਕਦੇ ਸੀ, ਉਦੋਂ ਕਿਉਂ ਨਾ ਕਹੀ?'' ਸਾਧ ਬੋਲਿਆ, ''ਭਾਈ, ਉਦੋਂ ਮੈਂ ਇਹਨੂੰ ਕਿਵੇਂ ਗੁੜ ਛੱਡਣ ਲਈ ਕਹਿ ਦਿੰਦਾ, ਉਦੋਂ ਤਾਂ ਮੈਂ ਆਪ ਬਥੇਰਾ ਖਾਂਦਾ ਸੀ।'' ਉਸ ਦਿਨ ਤੋਂ ਮੁੰਡੇ ਨੇ ਸਾਧ ਦੇ ਕਹਿਣ ਤੇ ਗੁੜ ਖਾਣਾ ਛੱਡ ਦਿੱਤਾ। ਤਾਂਹੀ ਤਾਂ ਕਹਿੰਦੇ ਨੇ ਜੇ ਕਹਿਣੀ ਕਰਨੀ ਇੱਕ ਹੋਵੇ ਤਾਂ ਹੀ ਅਸਰ ਹੁੰਦਾ ਏ।ਦਾਜ ਦੀ ਰੀਤ ਘਟਣ ਦੀ ਥਾਂ ਵਧਣ ਦਾ ਕਾਰਨ ਸਾਡੀ ਕਹਿਣੀ ਤੇ ਕਰਨੀ ਦਾ ਇੱਕ ਨਾ ਹੋਣਾ ਹੈ। ਅਸੀਂ ਕਹਿੰਦੇ ਕੁਝ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ। ਹੁਣ ਤੱਕ ਤਾਂ ਇਹੋ ਸੁਣਦੇ ਸੀ ਕਿ ਮੁੰਡੇ ਵਾਲੇ ਦਾਜ ਮੰਗਦੇ ਨੇ ਪਰ ਹੁਣ ਤਾਂ ਕੁੜੀ ਵਾਲੇ ਵੀ ਦਾਜ ਮੰਗਦੇ ਨੇ। ਪਰ ਨਹੀਂ, ਜੇ ਗੱਲ ਨੂੰ ਥੋੜ੍ਹਾ ਸਪੱਸ਼ਟ ਕਰ ਲਈਏ ਕਿ ਦਾਜ ਨਾ ਸਾਰੇ ਮੁੰਡੇ ਵਾਲੇ ਲੈਂਦੇ ਹਨ ਤੇ ਨਾ ਸਾਰੇ ਕੁੜੀ ਵਾਲੇ। ਦਾਜ ਸਿਰਫ ਲਾਲਚੀ ਪਰਿਵਾਰ ਹੀ ਲੈਂਦੇ ਹਨ, ਫੇਰ ਚਾਹੇ ਉਹ ਮੁੰਡੇ ਦੇ ਵਿਆਹ ਮੌਕੇ ਹੋਵੇ, ਚਾਹੇ ਕੁੜੀ ਦੇ ਵਿਆਹ ਮੌਕੇ, ਕੀ ਫਰਕ ਪੈਂਦਾ ਹੈ। ਮੁੰਡੇ ਵਾਲਿਆਂ ਦੇ ਦਾਜ ਲੈਣ ਦੀਆਂ ਗੱਲਾਂ ਤਾਂ ਆਮ ਹੀ ਪੜ੍ਹੀਆਂ ਤੇ ਸੁਣੀਆਂ ਜਾਂਦੀਆਂ ਹਨ। ਪਰ ਮੈਂ ਗੱਲ ਦੋਵਾਂ ਪਾਸਿਆਂ ਦੀ ਕਰਾਂਗਾ, ਕਿਉਂਕਿ ਹੁਣ ਤਾਂ ਜ਼ਮਾਨਾ ਬਦਲ ਗਿਆ ਏ। ਕਈ ਸਾਲ ਹੋ ਗਏ, ਗੀਤਕਾਰ ਬੰਤ ਰਾਮਪੁਰੇ ਵਾਲੇ ਦਾ ਲਿਖਿਆ ਇਕ ਗੀਤ, ਗਾਇਕ ਸਰਦੂਲ ਸਿਕੰਦਰ ਨੇ ਗਾਇਆ ਸੀ, “ਬੰਨ੍ਹ ਸਿਹਰੇ ਆਇਆ ਕਰਨਗੀਆਂ, ਮੁੰਡਿਆਂ ਨੂੰ ਕੁੜੀਆਂ ਵਿਆਹੁਣ ਲਈ।” ਜਿਸ ਵਿੱਚ ਉਸਨੇ ਜ਼ਿਕਰ ਕੀਤਾ ਸੀ ਕਿ ਮੁੰਡਿਆਂ ਦੀ ਥਾਂ ਕੁੜੀਆਂ ਦਾਜ ਲਿਆ ਕਰਨਗੀਆਂ ਵਗੈਰਾ ...। ਜੋ ਹੁਣ ਕਿਸੇ ਹੱਦ ਤੱਕ ਸੱਚ ਹੋ ਚੁੱਕਾ ਹੈ। ਮੈਂ ਕੁਝ ਦੋਸਤਾਂ ਤੋਂ ਸੁਣੀਆਂ ਅਤੇ ਕੁਝ ਮੇਰੇ ਆਸੇ ਪਾਸੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨੀ ਕੁ ਸਾਫ ਨੀਅਤ ਨਾਲ ਦਾਜ ਦੀ ਲਾਹਨਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜੇ ਕੁੜੀਆਂ ਦੇ ਵਿਆਹੁਣ ਆਉਣ ਦੀ ਗੱਲ ਕਰੀਏ, ਇਹ ਗੱਲ ਤਾਂ ਹੁਣ ਆਮ ਹੀ ਹੋ ਗਈ ਹੈ ਕਿਉਂਕਿ ਜਿਹੜੀ ਕੁੜੀ ਬਾਹਰਲੇ ਮੁਲਕ ਤੋਂ ਵਿਆਹ ਕਰਵਾਉਣ ਜਾਂਦੀ ਹੈ, ਉਹ ਇੱਕ ਤਰ੍ਹਾਂ ਮੁੰਡੇ ਨੂੰ ਵਿਆਹੁਣ ਹੀ ਤਾਂ ਜਾਂਦੀ ਹੈ ਤੇ ਵਿਆਹ ਕੇ ਆਪਣੇ ਨਾਲ ਹੀ ਲੈ ਆਉਂਦੀ ਹੈ। ਬਾਹਰੋਂ ਆਈਆਂ ਕੁੜੀਆਂ ਦੀ ਗੱਲ ਤਾਂ ਇੱਕ ਪਾਸੇ, ਜਿਹੜੀਆਂ ਪੰਜਾਬ ਵਿੱਚ ਰਹਿੰਦੀਆਂ ਨੇ, ਉਹ ਵੀ ਵਿਆਹੁਣ ਜਾਂਦੀਆਂ ਨੇ ਤੇ ਵਿਆਹ ਦਾ ਖਰਚਾ ਮੁੰਡੇ ਵਾਲੇ ਕਰਦੇ ਨੇ। ਇਹ ਉਹ ਕੁੜੀਆਂ ਨੇ ਜਿਹੜੀਆਂ ਆਈਲੈਟਸ (IELTS) ਕਰਦੀਆਂ ਹਨ, ਜਿਸ ਨਾਲ ਉਹ ਪੜ੍ਹਾਈ ਦੇ ਆਧਾਰ ਉੱਤੇ ਆਸਟ੍ਰੇਲੀਆ ਜਾਂ ਇੰਗਲੈਂਡ ਵਰਗੇ ਮੁਲਕਾਂ ਵਿੱਚ ਆਪਣੇ ਘਰ ਵਾਲੇ ਨੂੰ ਵੀ ਨਾਲ ਲਿਜਾ ਸਕਦੀਆਂ ਹਨ। ਪਿੱਛੇ ਜਿਹੇ ਇਸ ਕਿਸਮ ਦੇ ਵੀਜ਼ੇ ਲਾਉਣ ’ਤੇ ਰੋਕ ਵੀ ਲੱਗੀ। ਪਰ ਕੋਈ ਫਰਕ ਨਹੀਂ ਪਿਆ ਜੇ ਇੱਕ ਦੇਸ਼ ਨੇ ਰੋਕ ਲਾਈ ਤਾਂ ਦੂਜੇ ਨੇ ਰਾਹ ਖੋਲ੍ਹ ਦਿੱਤੇ।ਇਹ ਕੁੜੀਆਂ ਜਿਉਂ ਹੀ ਆਈਲੈਟਸ ਦਾ ਟੈਸਟ ਪਾਸ ਕਰਦੀਆਂ ਹਨ ਨਾਲ ਲਗਦੇ ਹੀ ਅਖ਼ਬਾਰ ਵਿੱਚ ਇਸ਼ਤਿਹਾਰ ਛਪ ਜਾਂਦਾ ਹੈ ਕਿ ਆਈਲੈਟਸ ਪਾਸ ਕੁੜੀ ਲਈ ਵਰ(ਮੁੰਡੇ) ਦੀ ਲੋੜ ਹੈ। ਵਿਦੇਸ਼ ਜਾਣ ਦੇ ਚਾਹਵਾਨ ਸੰਪਰਕ ਕਰ ਸਕਦੇ ਹਨ। ਬਸ ਫਿਰ ਦੂਜੇ ਦਿਨ ਫੋਨ ਤੇ ਫੋਨ ਖੜਕਣ ਲੱਗ ਜਾਂਦੇ ਹਨ। ਕੁੜੀ ਨੂੰ ਮੁੰਡਿਆਂ ਦੀਆਂ ਫੋਟੋਆਂ ਵਿਖਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਕੁੜੀ ਆਪਣੀ ਪਸੰਦ ਦਾ ਮੁੰਡਾ ਚੁਣ ਲੈਂਦੀ ਹੈ। ਵਿਆਹ ਦਾ ਖ਼ਰਚ ਤੇ ਵਿਦੇਸ਼ ਜਾਣ ਦਾ ਖ਼ਰਚ ਮੁੰਡੇ ਵਾਲਿਆਂ ਤੋਂ ਕਰਵਾਇਆ ਜਾਂਦਾ ਹੈ। ਕਈ ਪਰਿਵਾਰ ਖ਼ਰਚ ਰਲ਼ ਮਿਲ਼ ਕੇ ਕਰ ਲੈਂਦੇ ਹਨ, ਪਰ ਸਭ ਨੂੰ ਪਤਾ ਕਿ ਹੱਥ ਆਇਆ ਮੌਕਾ ਕੌਣ ਜਾਣ ਦਿੰਦਾ ਹੈ। ਇਸ ਤਰ੍ਹਾਂ ਕੁੜੀ ਮੁੰਡੇ ਨੂੰ ਵਿਆਹ ਕੇ ਆਪਣੇ ਨਾਲ ਵਿਦੇਸ਼ ਲੈ ਜਾਂਦੀ ਹੈ।ਹੁਣ ਮੁੰਡੇ ਵਾਲਿਆਂ ਵੱਲੋਂ ਕੀਤੇ ਖਰਚ ਨੂੰ ਚਾਹੇ ਮੁੰਡੇ ਵਾਲਿਆਂ ਵੱਲੋਂ ਕੁੜੀ ਵਾਲਿਆਂ ਨੂੰ ਦਿੱਤਾ ਦਾਜ ਕਹਿ ਲਵੋ ਜਾਂ ਜ਼ਮਾਨੇ ਦੀ ਪੁੱਠੀ ਰੀਤ ਕਹਿ ਲਵੋ, ਪਰ ਮੇਰੇ ਖ਼ਿਆਲ ਵਿਚ ਮੁੰਡੇ ਵਾਲਿਆਂ ਨੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਥੋੜ੍ਹੇ ਜਿਹੇ ਪੈਸੇ ਖਰਚ ਕੀਤੇ ਹਨ। ਜਿਵੇਂ ਕਈ ਵਾਰ ਕੁੜੀ ਵਾਲੇ ਬਾਹਰੋਂ ਆਏ ਮੁੰਡੇ ਨਾਲ ਕੁੜੀ ਵਿਆਹੁਣ ਲਈ ਆਪਣੀ ਹੈਸੀਅਤ ਤੋਂ ਵੱਧ ਖਰਚ ਇਹ ਸੋਚ ਕੇ ਕਰ ਦਿੰਦੇ ਹਨ ਕਿ ਕੱਲ੍ਹ ਨੂੰ ਉਹ ਆਪ ਵੀ ਬਾਹਰ ਚਲੇ ਜਾਣਗੇ ਤੇ ਸਾਰੀਆਂ ਕਸਰਾਂ ਕੱਢ ਲੈਣਗੇ। ਜਿਹੜੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ ਉਹਨਾਂ ਨੂੰ ਤਾਂ ਦਿੱਤਾ ਹੋਇਆ ਦਾਜ ਭੁੱਲ ਜਾਂਦਾ ਹੈ ਪਰ ਜਿਹੜੇ ਕਾਮਯਾਬ ਨਹੀਂ ਹੁੰਦੇ, ਉਹ ਮੁੰਡੇ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ, “ਕਿੱਥੇ ਦਾਜ ਦੇ ਲੋਭੀਆਂ ਨਾਲ ਵਾਹ ਪਾ ਲਿਆ, ਸਾਲਿਆਂ ਨੇ ਕੰਗਾਲ ਕਰਕੇ ਧਰਤੇ।” ਨੀਅਤ ਆਪਣੀ ਖੋਟੀ ਤੇ ਦੋਸ਼ ਦੂਜੇ ਨੂੰ।ਮੈਨੂੰ ਇੱਕ ਵਾਰ ਕਿਸੇ ਨੇ ਗੱਲ ਸੁਣਾਈ ਕਿ ਉਹਦਾ ਇੱਕ ਦੋਸਤ ਉਹਦੇ ਕੋਲ ਆਇਆ ਤੇ ਉਹਨੂੰ ਪੁੱਛਣ ਲੱਗਾ, “ਬਾਈ ਫਲਾਣੇ ਪਿੰਡ 'ਚ ਤੇਰੀ ਕੋਈ ਜਾਣ ਪਹਿਚਾਣ ਵਾਲਾ ਹੈਗਾ?” ਉਹ ਕਹਿੰਦਾ ਮੈਂ ਕਿਹਾ, “ਜਾਣ ਪਹਿਚਾਣ ਵਾਲੇ ਤਾਂ ਵਥੇਰੇ ਆ ਪਰ ਤੈਨੂੰ ਕੀ ਕੰਮ ਪੈ ਗਿਆ ਉੱਥੇ?” ਉਹ ਕਹਿਣ ਲੱਗਾ, “ਬਾਈ, ਛੋਟੇ ਭਰਾ ਦੇ ਰਿਸ਼ਤੇ ਲਈ ਜਾਣਾ। ਅਖ਼ਬਾਰ ਵਿਚ ਇਸ਼ਤਿਹਾਰ ਛਪਿਆ ਸੀ ਕਿ ਉਸ ਪਿੰਡ ਵਿਚ ਕੋਈ ਪਰਿਵਾਰ ਕਨੇਡਾ ਤੋਂ ਆਪਣੀ ਕੁੜੀ ਦਾ ਵਿਆਹ ਕਰਨ ਆਇਆ ਹੋਇਆ ਹੈ। ਆਪਾਂ ਪਿੰਡ ਦੇ ਕਿਸੇ ਜਾਣ ਪਹਿਚਾਣ ਵਾਲੇ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਜਾਣਾ, ਆਪ ਸਿੱਧੇ ਜਾਂਦੇ ਚੰਗੇ ਨਹੀਂ ਲੱਗਦੇ।”ਫੇਰ ਉਹ ਉਸ ਪਿੰਡ ਚਲੇ ਗਏ ਤੇ ਪਿੰਡ ਵਿੱਚੋਂ ਕਿਸੇ ਜਾਣ ਪਹਿਚਾਣ ਵਾਲੇ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਚਲੇ ਗਏ। ਜਦੋਂ ਕੁੜੀ ਵਾਲਿਆਂ ਨਾਲ ਜਾ ਕੇ ਗੱਲ ਕੀਤੀ ਤਾਂ ਉਹਨਾਂ ਸਾਫ-ਸਾਫ ਕਹਿ ਦਿੱਤਾ ਕਿ ਰਿਸ਼ਿਤਆਂ ਵਾਲੇ ਤਾਂ ਬਹੁਤ ਆਉਂਦੇ ਆ, ਪਰ ਸਾਡੀ ਇੱਕ ਸ਼ਰਤ ਹੈ ਕਿ ਮੁੰਡੇ ਵਾਲਿਆਂ ਨੂੰ ਵਿਆਹ ਤੋਂ ਪਹਿਲਾਂ ਕੁੜੀ ਦੇ ਨਾਂ ਪੰਜ ਕਿੱਲੇ ਜਮੀਨ ਲਵਾਉਣੀ ਪਵੇਗੀ ਤੇ ਵਿਆਹ ਮੌਕੇ ਵੀਹ ਲੱਖ ਨਗਦ ਦੇਣਾ ਪਵੇਗਾ। ਇੰਨੀ ਗੱਲ ਸੁਣਕੇ ਉਹ ‘ਸੋਚ ਕੇ ਦੱਸਾਂਗੇ’ ਕਹਿ ਕੇ ਵਾਪਿਸ ਆ ਗਏ। ਬਾਹਰ ਆ ਕੇ ਉਸਦਾ ਦੋਸਤ ਕਹਿਣ ਲੱਗਾ, “ਯਾਰ ਵੀਹ ਲੱਖ ਦਾ ਤਾਂ ਇੰਤਜ਼ਾਮ ਕਰ ਲਵਾਂਗੇ ਪਰ ਜਮੀਨ ਵਾਲੀ ਗੱਲ ਮੁਸ਼ਕਿਲ ਆ।” ਹਾਲਾਂਕਿ ਮੁੰਡੇ ਵਾਲੇ ਚੰਗੀ ਜਮੀਨ-ਜਾਇਦਾਦ ਦੇ ਮਾਲਕ ਸਨ ਤੇ ਉਹਨਾਂ ਦਾ ਵਧੀਆ ਕਾਰੋਬਾਰ ਸੀ ਪਰ ਫਿਰ ਵੀ ਬਾਹਰ ਜਾਣ ਦੇ ਲਾਲਚ ਵਿਚ ਵੀਹ ਲੱਖ ਦਾਜ ਵਿੱਚ ਦੇਣ ਨੂੰ ਤਿਆਰ ਸਨ। ਬਸ ਜਮੀਨ ਦੇ ਨਾਂ ਤੇ ਜੱਟਪੁਣਾ ਜਾਗ ਪਿਆ ਤੇ ਗੱਲ ਵਿੱਚ ਹੀ ਰਹਿ ਗਈ। ਨਹੀਂ ਤਾਂ ਵੀਹ ਲੱਖ ਕੁੜੀ ਵਾਲਿਆਂ ਦੀ ਝੋਲ਼ੀ ਪਾ ਕੇ ਮੁੰਡਾ ਜਹਾਜ਼ ਵਿਚ ਬਿਠਾ ਕੇ ਸਹੁਰੀਂ ਤੋਰ ਦੇਣਾ ਸੀ।ਇਹ ਤਾਂ ਗੱਲਾਂ ਸੀ ਬਾਹਰੋਂ ਆਏ ਜਾਂ ਬਾਹਰ ਜਾਣ ਦੇ ਚਾਹਵਾਨਾਂ ਦੀਆਂ ਕਿ ਕਿਵੇਂ ਆਪਣੀ ਲਾਲਚੀ ਨੀਅਤ ਅਨੁਸਾਰ ਦਾਜ ਦਾ ਲੈਣ ਦੇਣ ਕਰਦੇ ਹਨ। ਜਿਹੜੇ ਵਿਆਹ ਓਥੇ (ਭਾਰਤ) ਰਹਿਣ ਵਾਲਿਆਂ ਦੇ ਹੁੰਦੇ ਹਨ ਉਹਨਾਂ ਵਿੱਚ ਵੀ ਕਈ ਲੋਕ ਦਾਜ ਮੰਗ ਕੇ ਲੈਂਦੇ ਹਨ ਤੇ ਕਈ ਆਪਣੀ ਮਰਜ਼ੀ ਨਾਲ ਹੀ ਦੇ ਦੇਂਦੇ ਹਨ। ਬਹੁਤੇ ਲੋਕ ਉਹ ਨੇ ਜਿਹੜੇ ਸੋਚਦੇ ਨੇ ਕਿ ਜੇ ਬਹੂ ਦਾਜ ਨਾ ਲੈ ਕੇ ਆਈ ਜਾਂ ਕੁੜੀ ਨੂੰ ਦਾਜ ਨਾ ਦਿੱਤਾ ਤਾਂ ਸ਼ਰੀਕੇ ਵਿੱਚ ਨੱਕ ਵੱਡਿਆ ਜਾਏਗਾ। ਇਹਨਾਂ ਲੋਕਾਂ ਲਈ ਬਾਈ ਜੱਗੀ ਕੁੱਸਾ ਨੇ ਆਪਣੇ ਆਰਟੀਕਲ ਵਿੱਚ ਬੜੀ ਵਧੀਆ ਗੱਲ ਲਿਖੀ ਸੀ ਕਿ “ਇਹਨਾਂ ਲੋਕਾਂ ਦੇ ਨੱਕ ਦੀ ਥਾਂ ਹਾਥੀ ਦੀ ਸੁੰਢ ਲੱਗੀ ਹੋਣੀ ਚਾਹੀਦੀ ਆ, ਤਾਂ ਕਿ ਜੇ ਇਹਨਾਂ ਨੂੰ ਤਿੰਨ, ਚਾਰ ਵਿਆਹ ਕਰਨੇ ਪੈ ਜਾਣ ਤੇ ਹਰ ਵਿਆਹ ਮੌਕੇ ਚਾਰ ਉਂਗਲਾਂ ਵੱਢ ਵੀ ਹੋਜੇ ਤਾਂ ਵੀ ਸਾਹ ਲੈਣ ਜੋਗੇ ਤਾਂ ਰਹਿ ਜਾਣਗੇ।” ਇਸ ਤਰ੍ਹਾਂ ਸ਼ਇਦ ਦਾਜ ਨੂੰ ਖ਼ਤਮ ਕਰਨ ਵਿੱਚ ਆਪਣਾ ਯੋਗਦਾਨ ਵੀ ਪਾ ਸਕਣ।ਜੇ ਗੱਲ ਕਰੀਏ ਕੁੜੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਲਈ ਤੰਗ ਕਰਨ ਦੀ ਤੇ ਬੇਵੱਸ ਮਾਪਿਆਂ ਦੀ ਜਿਨ੍ਹਾਂ ਦੀਆਂ ਧੀਆਂ ਦਾਜ ਦੀ ਬਲੀ ਚੜ੍ਹਦੀਆਂ ਨੇ ਤੇ ਉਹ ਵਿਚਾਰੇ ਕੁਝ ਵੀ ਨਹੀਂ ਕਰ ਸਕਦੇ। ਅਜਿਹੇ ਹਾਲਾਤ ਦਾ ਜ਼ਿੰਮੇਵਾਰ ਜ਼ਿਆਦਾਤਰ ਵਿਚੋਲਾ ਹੀ ਹੁੰਦਾ ਹੈ, ਜਿਹੜਾ ਦੋਨੋਂ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੋਇਆ ਕਈ ਵਾਰ ਮੁੰਡੇ ਵਾਲਿਆਂ ਵੱਲੋਂ ਕੀਤੀ ਮੰਗ ਦਾ ਪਹਿਲਾਂ ਖੁੱਲ੍ਹ ਕੇ ਜ਼ਿਕਰ ਨਹੀਂ ਕਰਦਾ ਪਰ ਬਾਅਦ ਵਿੱਚ ਵਿਆਹ ਦੇ ਦਿਨ ਪੱਕੇ ਹੋਣ ਤੇ ਹੌਲੀ-ਹੌਲੀ ਮੰਗਾਂ ਗਿਣਾਉਣ ਲੱਗ ਪੈਂਦਾ ਹੈ। ਇਸ ਹਾਲਤ ਵਿੱਚ ਕੁੜੀ ਵਾਲੇ ਬੇਇਜ਼ਤੀ ਦੇ ਡਰੋਂ ਵਿਆਹ ਵੀ ਨਹੀਂ ਤੋੜ ਸਕਦੇ ਤੇ ਦਾਜ ਦੇਣ ਤੋਂ ਵੀ ਅਸਮਰੱਥ ਹੁੰਦੇ ਹਨ। ਉਹ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਕਰ ਦਿੰਦੇ ਹਨ ਤੇ ਬਾਅਦ ਵਿਚ ਲਾਲਚੀ ਸਹੁਰਾ ਪਰਿਵਾਰ ਕੁੜੀ ਨੂੰ ਹੋਰ ਦਾਜ ਲਿਆਉਣ ਲਈ ਤੰਗ ਕਰਦਾ ਰਹਿੰਦਾ ਹੈ ਤੇ ਇੱਕ ਦਿਨ ਦਾਜ ਦੀ ਬਲੀ ਚਾੜ੍ਹ ਦਿੱਤੀ ਜਾਂਦੀ ਹੈ। ਜਾਂ ਵਿਚਾਰੀ ਇੰਨੀ ਦੁਖੀ ਹੋ ਜਾਂਦੀ ਹੈ ਕਿ ਪਲ-ਪਲ ਮਰਨ ਨਾਲੋਂ ਇੱਕ ਵਾਰ ਹੀ ਮਰ ਜਾਣਾ ਚਾਹੁੰਦੀ ਹੈ ਤੇ ਆਤਮ ਹੱਤਿਆ ਕਰ ਲੈਂਦੀ ਹੈ। ਸਿਆਣੇ ਕਹਿੰਦੇ ਨੇ ਕਿ ਬੰਦੇ ਦਾ ਢਿੱਡ ਤਾਂ ਭਰ ਜਾਂਦਾ ਪਰ ਚੰਦਰੀ ਨੀਅਤ ਕਦੇ ਨਹੀਂ ਭਰਦੀ। ਇਹਨਾਂ ਲੋਕਾਂ ਨੂੰ ਜਿੰਨਾ ਮਿਲ ਜਾਏ ਥੋੜ੍ਹਾ ਹੀ ਥੋੜ੍ਹਾ। ਪਰ ਕਸਾਈ ਇਹ ਨਹੀਂ ਸੋਚਦੇ ਕਿ ਇੱਕ ਜਾਨ ਜ਼ਿਆਦਾ ਕੀਮਤੀ ਹੈ ਜਾਂ ਸਮਾਨ? ਵਿਚੋਲੇ ਦਾ ਕੀ ਹੈ, ਮੁੰਦਰੀ ਪਵਾ ਕੇ ਪਾਸੇ ਹੋ ਜਾਂਦਾ ਹੈ। ਨਾਲੇ ਆਖੀ ਜਾਊ, ‘ਅੱਜ ਦਾ ਦਿਨ ਆ ਬਾਅਦ 'ਚ ਸਾਨੂੰ ਕੀਹਨੇ ਪੁੱਛਣਾ। ਬਾਅਦ 'ਚ ਤਾਂ ਵਿਚੋਲੇ ਦੇ ਛਿੱਤਰ ਹੀ ਪੈਂਦੇ ਹੁੰਦੇ ਆ…’ ਹੁਣ ਜੇ ਛਿੱਤਰ ਖਾਣ ਵਾਲੇ ਕੰਮ ਕਰਨੇ ਹਨ ਤਾਂ ਛਿੱਤਰ ਹੀ ਪੈਣਗੈ, ਹੋਰ ਅਗਲਾ ਤੁਹਾਡੀ ਆਰਤੀ ਉਤਾਰੂਗਾ?ਮੈਨੂੰ ਇੱਕ ਵਾਕਿਆ ਚੇਤੇ ਆ ਗਿਆ ਕਿ ਇੱਕ ਬਜ਼ੁਰਗ ਆਪਣੀ ਕੁੜੀ ਦਾ ਰਿਸ਼ਤਾ ਪੱਕਾ ਕਰਕੇ ਆਇਆ ਤੇ ਜਦੋਂ ਘਰਦਿਆਂ ਨੇ ਮੁੰਡੇ ਤੇ ਮੁੰਡੇ ਦੇ ਪਰਿਵਾਰ ਵਾਰੇ ਪੁੱਛਿਆ ਤਾਂ ਕਹਿੰਦਾ, “ਸਭ ਠੀਕ-ਠਾਕ ਹੈ, ਮੁੰਡਾ ਵੀ ਸੋਹਣਾ, ਪਰਿਵਾਰ ਵੀ ਵਧੀਆ। ਬਸ, ਮੁੰਡੇ ਦੀ ਭਿੱਟ-ਭਿੱਟੀਏ ਦੀ ਮੰਗ ਆ।” ਹੁਣ ਸਾਲਾ ਭਿੱਟ-ਭਿੱਟੀਆ ਰਹੱਸ ਬਣਿਆ ਹੋਇਆ ਸੀ। ਨਾ ਪਤਾ ਲੱਗੇ ਬਈ ਸਕੂਟਰ ਮੰਗਿਆ, ਕਿ ਮੋਟਰਸਾਇਕਲ। ਕਿਉਂਕਿ ਉਦੋਂ ਕੁ ਦਾਜ ਵਿਚ ਏਹੀ ਦੇਣ ਦਾ ਰਿਵਾਜ਼ ਚੱਲਿਆ ਹੋਇਆ ਸੀ। ਬਜ਼ੁਰਗ ਨੇ ਤਾਂ ਕਦੇ ਸਾਇਕਲ ਵੀ ਨਹੀਂ ਸੀ ਚਲਾਇਆ, ਉਹਨੂੰ ਆਉਂਦੇ-ਆਉਂਦੇ ਖਿਆਲ ਭੁੱਲ ਗਿਆ ਕਿ ਕੀ ਮੰਗਿਆ ਸੀ। ਖ਼ੈਰ ਉਹਨਾਂ ਦਾਜ ਵਿਚ ਦੇਣ ਲਈ ਸਕੂਟਰ ਲੈ ਆਂਦਾ। ਜਦੋਂ ਆਨੰਦ ਕਾਰਜ ਮੌਕੇ ਦਾਜ ਦੀ ਲਿਸਟ ਪੜ੍ਹ ਕੇ ਸੁਣਾਈ ਜਾਣ ਲੱਗੀ ਤਾਂ ਪ੍ਰਾਹੁਣਾ ਰੌਲਾ ਪਾ ਕੇ ਬਹਿ ਗਿਆ ਕਿ ਮੈਂ ਤਾਂ ਮੋਟਰਸਾਇਕਲ ਨੂੰ ਆਖਿਆ ਸੀ, ਮੈਂ ਨੀ ਸਕੂਟਰ ਲੈ ਕੇ ਜਾਣਾ। ਮੈਨੂੰ ਤਾਂ ਮੋਟਰਸਾਇਕਲ ਚਾਹੀਦਾ। ਕੁੜੀ ਦਾ ਮਾਮਾ ਥੋੜ੍ਹਾ ਅੜਬ ਸੁਭਾਅ ਦਾ ਸੀ, ਕਹਿੰਦਾ, “ਦਬੱਲੋ ਇਹਨੂੰ ਸਣੇ ਬਰਾਤ, ਅੱਜ ਮੋਟਰਸਾਇਕਲ ਮੰਗਦਾ, ਕੱਲ੍ਹ ਨੂੰ ਕੁਝ ਹੋਰ ਮੰਗੂ।” ਪਰ ਸਾਊ ਸੁਭਾਅ ਦੇ ਬਜ਼ੁਰਗ ਨੇ ਦਰ ਆਈ ਬਰਾਤ ਨਾ ਮੋੜੀ। ਕਹਿਣ ਲੱਗਾ, “ਇਸ ਵਿੱਚ ਸਭ ਦੀ ਬੇਇਜਤੀ ਹੋ ਜਾਵੇਗੀ।” ਉਹਨੇ ਮੁੰਡੇ ਵਾਲਿਆਂ ਤੋਂ ਹਫਤੇ ਦਾ ਟਾਇਮ ਲੈ ਕੇ ਡੋਲ਼ੀ ਤੋਰ ਦਿੱਤੀ। ਫੇਰ ਨਵਾਂ ਸਕੂਟਰ ਘਾਟਾ ਪਾ ਕੇ ਵੇਚਿਆ ਤੇ ਮੋਟਰਸਾਇਕਲ ਖਰੀਦ ਕੇ ਕੁੜੀ ਦੇ ਸਹੁਰੇ ਘਰ ਪਹੁੰਚਦਾ ਕੀਤਾ।ਹੁਣ ਦੱਸੋ ਜਿਹੜਾ ਬੰਦਾ ਏਨੇ ਇਕੱਠ ਵਿੱਚ ਸ਼ਰੇਆਮ ਮੰਗ ਕਰ ਸਕਦਾ ਉਹ ਬਾਅਦ ਵਿੱਚ ਕਿਵੇਂ ਨਹੀਂ ਮੰਗੇਗਾ। ਨਾਲੇ ਕੁੜੀ ਦਾ ਦਿਲ ਉਸ ਬੰਦੇ ਨਾਲ ਕਿੰਨਾ ਕੁ ਮਿਲਿਆ ਹੋਵੇਗਾ ਜੀਹਨੇ ਉਹਦੇ ਪਿਉ ਨੂੰ ਮਜਬੂਰ ਕਰਕੇ ਆਪਣੀ ਮੰਗ ਮੰਨਵਾਈ। ਜਦੋਂ ਕੋਈ ਰਿਸ਼ਤਾ, ਇੱਕ ਰਿਸ਼ਤੇ ਵਾਂਗ ਨਹੀਂ ਬਲਕਿ ਇੱਕ ਸੌਦੇ ਵਾਂਗ ਹੋਵੇ ਤਾਂ ਪਿਆਰ ਥਾਂ ਦੀ ਨਫ਼ਰਤ ਲੈ ਲੈਂਦੀ ਹੈ। ਇਸ ਤਰ੍ਹਾਂ ਦੂਰੀਆਂ ਘਟਣ ਦੀ ਬਜਾਏ ਵਧਦੀਆਂ ਹੀ ਜਾਂਦੀਆਂ ਹਨ ਅਤੇ ਇਹੋ ਜਿਹੇ ਰਿਸ਼ਤੇ ਦੀ ਕੋਈ ਬੁਨਿਆਦ ਨਹੀਂ ਹੁੰਦੀ। ਇਹ ਕਦੇ ਵੀ ਟੁੱਟ ਸਕਦਾ ਹੈ।ਗੱਲਾਂ ਤਾਂ ਹੋਰ ਵੀ ਬੜੀਆਂ ਹਨ ਪਰ ਅਸਲ ਗੱਲ ਤਾਂ ਇਹ ਹੈ ਕਿ ਹੁਣ ਇਸ ਲਾਹਨਤ ਦਾ ਸ਼ਿਕਾਰ ਹਰ ਕੋਈ ਹੋ ਚੁੱਕਿਆ ਹੈ। ਚਾਹੇ ਉਹ ਗਰੀਬ ਹੋਵੇ, ਚਾਹੇ ਅਮੀਰ ਤੇ ਚਾਹੇ ਮੱਧ ਵਰਗ ਨਾਲ ਸਬੰਧਤ ਹੋਵੇ। ਬਸ ਫਰਕ ਏਨਾ ਹੈ ਕਿ ਗਰੀਬ ਦੀ ਮੰਗ ਹਜ਼ਾਰਾਂ ਵਿਚ ਹੈ, ਮੱਧ ਵਰਗ ਦੀ ਲੱਖਾਂ ਵਿੱਚ ਤੇ ਅਮੀਰਾਂ ਦੀ ਕਰੋੜਾਂ ਵਿੱਚ। ਮੇਰੀ ਸੋਚ ਮੁਤਾਬਿਕ ਦਾਜ ਦੀ ਰੀਤ ਖ਼ਤਮ ਕਰਨ ਲਈ ਪਹਿਲੀ ਲੋੜ ਤਾਂ ਹੈ ਕਿ ਮੰਗਤੇ ਬਣਨਾ ਛੱਡਿਆ ਜਾਵੇ। ਕਿਸੇ ਦੇ ਦਿੱਤਿਆਂ ਕੋਈ ਬਹੁਤਾ ਅਮੀਰ ਨਹੀਂ ਹੋ ਜਾਂਦਾ, ਨਾ ਹੀ ਮਿਲੇ ਦਾਜ ਨਾਲ ਸਾਰੀ ਜ਼ਿੰਦਗੀ ਗੁਜ਼ਾਰਾ ਹੁੰਦਾ ਹੈ। ਆਪਣੀ ਮਿਹਨਤ ਦੀ ਕਮਾਈ ਨਾਲ ਗੁਜ਼ਾਰਾ ਕਰਨਾ ਸਿੱਖੀਏ। ਦੂਜਾ, ਮੂੰਹੋਂ ਮੰਗ ਕੇ ਦਾਜ ਲੈਣ ਵਾਲਿਆਂ ਨਾਲ ਕਦੇ ਰਿਸ਼ਤਾ ਨਾ ਜੋੜਿਆ ਜਾਵੇ ਅਤੇ ਆਪਣਾ ਉੱਲੂ ਸਿੱਧਾ ਕਰਨ ਲਈ ਐਵੇਂ ਦਾਜ ਨਾ ਦਿੱਤਾ ਜਾਵੇ। ਜੇ ਇਹਨਾਂ ਗੱਲਾਂ 'ਤੇ ਪਹਿਰਾ ਨਹੀਂ ਦੇ ਸਕਦੇ, ਫੇਰ ਜਿੰਨਾ ਮਰਜ਼ੀ ਰੌਲ਼ਾ ਪਾਈ ਜਾਈਏ, ਇਹ ਰੀਤ ਕਦੇ ਖ਼ਤਮ ਨਹੀਂ ਹੋਣ ਲੱਗੀ। ਕਦੇ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਤੇ ਕਦੇ ਮੁੰਡੇ ਵਾਲੇ ਕੁੜੀ ਵਾਲਿਆਂ ਨੂੰ ਕੋਸਦੇ ਹੀ ਰਹਿਣਗੇ। ਮੁੱਕਦੀ ਗੱਲ, ਲਾਲਚੀ ਕੁੱਤੇ ਮਾਸੂਮਾਂ ਦਾ ਮਾਸ ਨੋਚਦੇ ਹੀ ਰਹਿਣਗੇ।

No comments:

Post a Comment