Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Sunday, October 17, 2010

ਜ਼ਿੰਦਗੀ ਨੂੰ ਗੀਤਾਂ 'ਚ ਪਰੋਣ ਵਾਲੇ ਇੰਦਰਜੀਤ ਹਸਨਪੁਰੀ ਨੂੰ ਯਾਦ ਕਰਦਿਆਂ



ਜ਼ਿੰਦਗੀ ਗੀਤਾਂ ਵਿੱਚ ਪਰੋ ਕੇ ਚਲਾ ਗਿਆ,

ਜ਼ਿੰਦਗੀ ਦਾ ਸਫ਼ਰ ਮੁਕਾ ਕੇ ਚਲਾ ਗਿਆ।

     ਪੰਜਾਹ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਸਭਿਆਚਾਰ, ਪੰਜਾਬ ਦੇ ਸੁੱਖਾਂ ਦੇ ਪਲ, ਪੰਜਾਬ ਦੇ ਦੁੱਖਾਂ ਦੇ ਪਲ ਅਤੇ ਹਰ ਕਿਸੇ ਦੇ ਦਿਲ ਦੀ ਗੱਲ ਨੂੰ ਗੀਤਾਂ `ਚ ਪਰੋ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਇੰਦਰਜੀਤ ਹਸਨਪੁਰੀ ਹਜ਼ਾਰਾਂ ਗੀਤ, ਕਈ ਕਿਤਾਬਾਂ ਅਤੇ ਕਈ ਫ਼ਿਲਮਾਂ ਪੰਜਾਬੀਆਂ ਦੀ ਝੋਲੀ `ਚ ਪਾ ਕੇ ਪਿਛਲੇ ਸਾਲ 8 ਅਕਤੂਬਰ 2009 ਨੂੰ ਭਾਵੇਂ ਸਰੀਰਕ ਤੌਰ `ਤੇ ਸਾਡੇ ਤੋਂ ਵਿਛੜ ਗਿਆ ਹੈ, ਪਰ ਉਹ ਆਪਣੇ ਗੀਤਾਂ ਅਤੇ ਫਿਲਮਾਂ ਰਾਹੀਂ ਪੰਜਾਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜਿਉਂਦਾ ਰਹੇਗਾ।

     ਇੰਦਰਜੀਤ ਹਸਨਪੁਰੀ ਸਾਹਿਬ ਹੋਰਾਂ ਨੂੰ ਮਿਲਣ ਦਾ ਮੌਕਾ ਤਾਂ ਕਦੇ ਨਸੀਬ ਨਹੀਂ ਹੋਇਆ ਪਰ ਮੈਂ ਉਨ੍ਹਾਂ ਦੀਆਂ ਵੱਖ-ਵੱਖ ਮੁਲਾਕਾਤਾਂ ਦੌਰਾਨ ਉਨ੍ਹਾਂ ਦੀ ਜੁਬਾਨੀ ਕਹੀਆਂ ਗੱਲਾਂ ਅਤੇ ਉਨ੍ਹਾਂ ਵਾਰੇ ਕੁਝ ਹੋਰ ਜਾਣਕਾਰੀ ਇਕੱਠੀ ਕਰਕੇ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਲੱਗਿਆ ਹਾਂ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗੀ।

     ਇੰਦਰਜੀਤ ਹਸਨਪੁਰੀ ਦਾ ਜਨਮ 20 ਅਗਸਤ 1932 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਅਕਾਲਗੜ(ਲੁਧਿਆਣਾ) ਵਿਖੇ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਸ੍ਰ:ਜਸਵੰਤ ਸਿੰਘ ਉਸ ਸਮੇਂ ਦਿੱਲੀ ਵਿੱਚ ਸੋਭਾ ਸਿੰਘ (ਖੁਸ਼ਵੰਤ ਸਿੰਘ ਦੇ ਪਿਤਾ) ਦੇ ਠੇਕੇਦਾਰ ਸਨ। ਸੰਨ 1924 ਤੋਂ ਲੈਕੇ ਸੰਨ 1947 ਤੱਕ ਉਹਨਾਂ ਦੇ ਪਿਤਾ ਨੇ ਦਿੱਲੀ ਵਿੱਚ ਬਹੁਤ ਸਾਰੀਆਂ ਇਮਾਰਤਾਂ ਉਸਾਰੀਆਂ। ਸੰਨ 1947 ਵਿੱਚ ਉਨ੍ਹਾਂ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ। ਇੱਕ ਮੁਲਾਕਾਤ ਦੌਰਾਨ ਹਸਨਪੁਰੀ ਦੱਸਦੇ ਹਨ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਅਰਸ਼ ਤੋਂ ਫਰਸ਼ `ਤੇ ਆ ਡਿੱਗੇ। ਫਿਰ ਉਹ ਦਿੱਲੀ ਛੱਡ ਆਪਣੇ ਜ਼ੱਦੀ ਪਿੰਡ ਹਸਨਪੁਰ(ਲੁਧਿਆਣਾ) ਵਿਖੇ ਵਾਪਿਸ ਆ ਗਏ। ਪੰਦਰਾਂ ਸਾਲ ਦੀ ਉਮਰ ਵਿੱਚ ਮੋਢਿਆਂ ਉੱਪਰ ਪਈ ਪਰਿਵਾਰ ਦੀ ਜਿੰਮੇਵਾਰੀ ਨਿਭਾਉਣ ਲਈ ਉਹ ਲੁਧਿਆਣਾ ਵਿਖੇ ਪੇਂਟਰ ਦੇ ਤੌਰ `ਤੇ ਨੌਕਰੀ ਕਰਨ ਲੱਗ ਪਏ। ਉਹ ਦੱਸਦੇ ਹਨ ਕਿ ਗੀਤ ਲਿਖਣ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਸੀ। ਉਹ ਜਦ ਵੀ ਨੰਦ ਲਾਲ ਨੂਰਪੁਰੀ ਹੋਰਾਂ ਦੇ ਨਾਂ ਇੱਕ ਗੀਤਕਾਰ ਵਜੋਂ ਲਿਖੇ ਪੜ੍ਹਦੇ ਤਾਂ ਉਨ੍ਹਾਂ ਦਾ ਵੀ ਦਿਲ ਕਰਦਾ ਕਿ ਮੈਂ ਵੀ ਇੰਨ੍ਹਾਂ ਵਾਂਗੂੰ ਗੀਤ ਲਿਖਾਂ ਤੇ ਇੱਕ ਦਿਨ ਮੇਰਾ ਵੀ ਨਾਂ ਇਸ ਤਰ੍ਹਾਂ ਹੀ ਸਕਰੀਨ 'ਤੇ ਲਿਖਿਆ ਆਵੇ। ਇਸ ਸ਼ੌਕ ਲਈ ਘਰਦੇ ਕਈ ਵਾਰ ਗੁੱਸੇ ਹੋਏ, ਇੱਕ ਦੋ ਵਾਰ ਕੁੱਟ ਵੀ ਪਈ। ਪਰ ਇਹ ਸ਼ੌਕ ਦਿਨੋ-ਦਿਨ ਵੱਧਦਾ ਹੀ ਗਿਆ। ਕੰਮ ਵੀ ਕਰਦੇ ਰਹੇ ਅਤੇ ਗੀਤ ਵੀ ਲਿਖਦੇ ਰਹੇ।

     ਫਿਰ ਇੱਕ ਦਿਨ ਉਨ੍ਹਾਂ ਦੀ ਮੁਲਾਕਾਤ ਆਪਣੇ ਸਮੇਂ ਦੇ ਮਸ਼ਹੂਰ ਗਵੱਈਏ ਸ਼ਾਦੀ ਲਾਲ ਬਖ਼ਸ਼ੀਸ਼ ਨਾਲ ਹੋ ਗਈ। ਉਹ ਕਹਿਣ ਲੱਗੇ ਅਸੀਂ ਤੇਰਾ ਗੀਤ ਰੇਡੀਓ `ਤੇ ਗਾਅ ਦੇਵਾਂਗੇ ਪਰ ਉਸ ਵਿੱਚ ਤੇਰਾ ਨਾਂ ਨਹੀਂ ਪਾਅ ਸਕਦੇ ਕਿਉਂਕਿ ਉੱਥੇ ਸਿਰਫ ਮਨਜੂਰ ਸੁਦਾ ਗੀਤਕਾਰਾਂ ਦੇ ਹੀ ਗੀਤ ਗਾਏ ਜਾਂਦੇ ਹਨ। ਅਸੀਂ ਤੇਰਾ ਇਹ ਗੀਤ ਲੋਕ ਗੀਤ ਕਹਿਕੇ ਗਾਵਾਂਗੇ। ਹਸਨਪੁਰੀ ਦੱਸਦੇ ਨੇ ਕਿ "ਪਹਿਲਾਂ ਤਾਂ ਮੈਨੂੰ ਸੁਣਕੇ ਥੋੜਾ ਧੱਕਾ ਜਿਹਾ ਲੱਗਾ ਪਰ ਫਿਰ ਮੈਂ ਇਹ ਸੋਚਕੇ ਹਾਂ ਕਰ ਦਿੱਤੀ ਕਿ ਇਸ ਨਾਲ ਮੈਨੂੰ ਇਹ ਤਾਂ ਪਤਾ ਲੱਗ ਜਾਵੇਗਾ ਕਿ ਮੈਂ ਗੀਤ ਲਿਖਣ ਦੇ ਕਾਬਿਲ ਹਾਂ ਵੀ ਜਾਂ ਨਹੀਂ। ਸੰਨ 1953 ਦੇ ਕਰੀਬ ਮੇਰਾ ਗੀਤ "ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ" ਰੇਡੀਓ ਤੋਂ ਗਾਇਆ ਗਿਆ ਤੇ ਇਸ ਗੀਤ ਨੇ ਹੀ ਮੈਨੂੰ ਰਾਤੋ-ਰਾਤ ਇੰਦਰਜੀਤ ਤੋਂ ਇੰਦਰਜੀਤ ਹਸਨਪੁਰੀ ਬਣਾ ਦਿੱਤਾ।" ਛੇ ਕੁ ਸਾਲ ਬਾਅਦ ਇਹ ਗੀਤ ਐੱਚ ਐੱਮ ਵੀ ਕੰਪਨੀ ਵੱਲੋਂ ਰਿਕਾਰਡ ਕੀਤਾ ਗਿਆ। ਕਹਿੰਦੇ ਇਸ ਗੀਤ ਵਾਰੇ ਦੇਵ ਥਰੀਕੇ ਵਾਲਾ ਅਕਸਰ ਕਿਹਾ ਕਰਦਾ ਹੈ ਕਿ ਜੇ ਮੈਂ ਇਹ ਗੀਤ ਨਾ ਸੁਣਦਾ ਤਾਂ ਸ਼ਾਇਦ ਕਦੇ ਗੀਤਕਾਰ ਨਾ ਬਣਦਾ, ਕਹਾਣੀਕਾਰ ਹੀ ਰਹਿੰਦਾ।

     ਅੱਜ ਦੇ ਮਸ਼ਹੂਰ ਗਜ਼ਲ ਗਾਇਕ ਜਗਜੀਤ ਸਿੰਘ ਕਾਲਜ ਵਿੱਚ ਪੜ੍ਹਦੇ ਸਮੇਂ ਸਿਫ਼ਾਰਸ਼ ਨਾਲ ਇਨ੍ਹਾਂ ਤੋਂ ਗੀਤ ਲੈ ਕੇ ਗਏ ਸਨ। ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਤੇ ਉਹ ਗੀਤ ਅੱਜ ਵੀ ਉਨ੍ਹਾਂ ਦੀ ਮਹਿਫ਼ਲ ਦਾ ਸ਼ਿੰਗਾਰ ਬਣਦੇ ਹਨ ਜਿਵੇਂ;

"ਸਾਰੇ ਪਿੰਡ `ਚ ਪੁਆੜੇ ਪਾਏ,

ਬਿੱਲੋ ਨੀ ਤੇਰੇ ਗੋਰੇ ਰੰਗ ਨੇ"

---------

"ਢਾਈ ਦਿਨ ਨਾ ਜਵਾਨੀ ਨਾਲ ਚਲਦੀ,

ਇਹ ਕੁੜਤੀ ਮਲਮਲ ਦੀ"

     ਚਿਤਰਾ ਸਿੰਘ ਦੀ ਆਵਾਜ਼ ਵਿੱਚ ਇਹ ਗੀਤ "ਚਰਖਾ ਮੇਰਾ ਰੰਗਲਾ ਵਿੱਚ ਸੋਨੇ ਦੀਆਂ ਮੇਖਾਂ, ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ" ਵੀ ਬਹੁਤ ਪਸੰਦ ਕੀਤਾ ਗਿਆ ਸੀ।

     ਉਨ੍ਹਾਂ ਦੇ ਲਿਖੇ ਗੀਤਾਂ ਨੂੰ 100 ਤੋਂ ਵੀ ਵੱਧ ਆਵਾਜ਼ਾਂ ਨੇ ਰਿਕਾਰਡ ਕੀਤਾ। ਜਿੰਨ੍ਹਾਂ ਵਿੱਚ ਮੁਹੰਮਦ ਰਫ਼ੀ, ਆਸ਼ਾ ਭੌਸਲੇ, ਚਾਂਦੀ ਰਾਮ ਚਾਂਦੀ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਨਰਿੰਦਰ ਬੀਬਾ, ਜਗਮੋਹਣ ਕੌਰ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਮਲਕੀਤ ਸਿੰਘ, ਯੁੱਧਵੀਰ ਮਾਣਕ ਅਤੇ ਹੋਰ ਵੀ ਬਹੁਤ ਸਾਰੀਆਂ ਅਵਾਜ਼ਾਂ ਸ਼ਾਮਿਲ ਹਨ। ਚਾਂਦੀ ਰਾਮ ਚਾਂਦੀ ਵਾਰੇ ਹਸਨਪੁਰੀ ਦੱਸਦੇ ਹਨ ਕਿ ਉਹ ਇੱਕ ਰਿਕਸ਼ਾ ਚਾਲਕ ਸੀ ਤੇ ਉਨ੍ਹਾਂ ਨੇ ਖੁਦ ਉਸਨੂੰ ਇੱਕ ਗਾਇਕ ਵਜੋਂ ਸਥਾਪਿਤ ਕੀਤਾ, ਜੋ ਆਪਣੇ ਸਮੇਂ ਦਾ ਮਸ਼ਹੂਰ ਗਾਇਕ ਰਿਹਾ। ਕਈ ਸਾਲ ਪਹਿਲਾਂ ਜਲੰਧਰ ਦੂਰਦਰਸ਼ਨ ਤੋਂ ਬੱਚਿਆ ਲਈ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ "ਝਿਲਮਿਲ ਤਾਰੇ" ਵਿੱਚ ਯੁੱਧਵੀਰ ਮਾਣਕ ਉਨ੍ਹਾਂ ਦੇ ਲਿਖੇ ਗੀਤ "ਘੁੰਮ ਨੀ ਭੰਮੀਰੀਏ, ਤੂੰ ਘੁੰਮ ਘੁੰਮ ਘੁੰਮ" ਰਾਹੀਂ ਪਹਿਲੀ ਵਾਰ ਦਰਸ਼ਕਾਂ ਦੇ ਸਾਹਮਣੇ ਆਇਆ। ਉਨ੍ਹਾਂ ਦੇ ਲਿਖੇ ਬਹੁਤੇ ਗੀਤ ਤਾਂ ਲੋਕ ਗੀਤ ਬਣ ਚੁੱਕੇ ਹਨ ਜਿਵੇਂ "ਗੜਵਾ ਚਾਂਦੀ ਦਾ", "ਬੋਤਾ ਹੌਲੀ ਤੋਰ ਮਿੱਤਰਾ", "ਲੈਜਾ ਛੱਲੀਆਂ ਭੁਨਾ ਲਈਂ ਦਾਣੇ" ਅੱਜ ਤੱਕ ਕਿੰਨੀਆਂ ਹੀ ਅਵਾਜ਼ਾਂ `ਚ ਰਿਕਾਰਡ ਹੋ ਚੁੱਕੇ ਹਨ। ਉਨ੍ਹਾਂ ਨੇ ਹਰ ਤਰਾਂ ਦੇ ਗੀਤ ਤੇ ਕਵਿਤਾਵਾਂ ਲਿਖੀਆਂ। ਜਿੱਥੇ ਪਿਆਰ ਦੇ ਗੀਤ ਲਿਖੇ, ਉੱਥੇ ਜੰਗਾਂ ਅਤੇ ਜੁਲਮਾਂ ਦੇ ਖਿਲਾਫ ਵੀ ਲਿਖਿਆ, ਧਾਰਮਿਕ ਗੀਤ ਵੀ ਲਿਖੇ। ਦੇਸ਼ ਵਿੱਚ ਵਿਗੜੇ ਹਾਲਾਤਾਂ ਨੂੰ ਵੇਖਦਿਆਂ, 1947 ਵਿੱਚ ਹੋਈ ਦੇਸ਼ ਦੀ ਵੰਡ ਦੌਰਾਨ ਵਿਛੜੇ ਆਪਣੇ ਬਚਪਨ ਦੇ ਸਾਥੀ ਨੂੰ ਯਾਦ ਕਰਦਿਆਂ ਲਿਖਦੇ ਹਨ ;

"ਮੈਂ ਹਾਂ ਪ੍ਰੇਮ ਪੁਜਾਰੀ

ਮੈਥੋਂ ਪਿਆਰਾਂ ਭਰਿਆ ਜਾਮ ਨਾ ਖੋਹੋ

ਅਸਲਮ ਮੈਥੋਂ ਖੋਹ ਚੁੱਕੇ ਹੋ

ਮੈਥੋਂ ਮੇਰਾ ਰਾਮ ਨਾ ਖੋਹੋ

ਆਖਿਰ ਕਦ ਤੱਕ ਜੀਣਾ ਜੱਗ 'ਤੇ

ਦੱਸ ਚਾਨਣ ਤੋਂ ਬਿਨ, ਓ ਅਸਲਮ !

ਕਿੱਥੇ ਗਏ ਓਹ ਦਿਨ, ਓ ਅਸਲਮ!"





ਚੰਦਰੀਆਂ ਨਜ਼ਰਾਂ ਤੋਂ ਡਰਦੀ ਇੱਕ ਗਰੀਬ ਮੁਟਿਆਰ ਦੀ ਗੱਲ ਕਰਦਿਆਂ ਲਿਖਦੇ ਹਨ ;

"ਕੱਖ ਲੈਣ ਜਦੋਂ ਜਾਵਾਂ

ਵੈਰੀ ਜਾਪਣ ਹਵਾਵਾਂ

ਕੱਖੋਂ ਹੌਲੀ ਨਾ ਹੋ ਜਾਵਾਂ

ਮੇਰੇ ਮਗਰ ਨਾ ਪੈਜੇ ਮੱਖ ਅੰਮੀਏ

ਨੀ ਮੈਂ ਖੋਤਦੀ ਬੇਗਾਨੇ ਖੇਤ ਕੱਖ ਅੰਮੀਏ"

     ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਕੁਝ ਕੁ ਸਮਾਂ ਪਹਿਲਾਂ ਆਈ ਹੰਸ ਰਾਜ ਹੰਸ ਦੀ ਕੈਸਿਟ "ਨਿੱਕੇ ਨਿੱਕੇ ਦੋ ਖ਼ਾਲਸੇ" ਦਾ ਟਾਈਟਲ ਗੀਤ ਉਹਨਾਂ ਦਾ ਹੀ ਲਿਖਿਆ ਹੋਇਆ ਸੀ ਤੇ ਇਸ ਵਿੱਚ "ਗੁਰੂ ਗੋਬਿੰਦ ਸਿੰਘ ਜੀ" ਵਾਰੇ ਲਿਖਿਆ ਉਨ੍ਹਾਂ ਦਾ ਇੱਕ ਹੋਰ ਗੀਤ ਸ਼ਾਮਿਲ ਸੀ;

"ਦੁਨੀਆਂ ਤਾਂ ਲੜਦੀ ਏ, ਜਾਂ ਤਖ਼ਤ ਜਾਂ ਤਾਜ਼ ਲਈ,

ਦਸਮੇਸ਼ ਪਿਤਾ ਲੜਿਆ, ਇਸ ਪੱਗ ਦੀ ਲਾਜ ਲਈ।"

     ਉਨ੍ਹਾਂ ਦੀਆਂ ਕਈ ਕਿਤਾਬਾਂ ਵੀ ਛਪੀਆਂ। ਪਹਿਲੀ ਕਿਤਾਬ "ਔਸੀਆਂ" ਸੰਨ 1959 ਵਿੱਚ ਛਪੀ। ਉਸ ਤੋਂ ਬਾਅਦ "ਸਮੇਂ ਦੀ ਆਵਾਜ਼", "ਜਿੰਦਗੀ ਦੇ ਗੀਤ", "ਗੀਤ ਮੇਰੇ ਮੀਤ", "ਰੂਪ ਤੇਰਾ ਰੱਬ ਵਰਗਾ", "ਮੇਰੇ ਜਿਹੀ ਕੋਈ ਜੱਟੀ ਨਾ", "ਜੋਬਨ ਨਵਾਂ ਨਕੋਰ", "ਕਿੱਥੇ ਗਏ ਉਹ ਦਿਨ, ਓ ਅਸਲਮ" ਤੇ ਕਈ ਹੋਰ ਵੀ।
     ਉਨ੍ਹਾਂ ਨੇ ਕੁਝ ਫਿਲਮਾਂ ਦਾ ਵੀ ਨਿਰਮਾਣ ਕੀਤਾ। ਸਭ੍ਹ ਤੋਂ ਪਹਿਲਾਂ "ਤੇਰੀ ਮੇਰੀ ਇੱਕ ਜਿੰਦੜੀ" ਬਣਾਈ। ਜਿਸ ਵਿੱਚ ਅਭਿਨੇਤਾ ਵਰਿੰਦਰ ਪਹਿਲੀ ਵਾਰ ਪਰਦੇ Ḕਤੇ ਨਜ਼ਰ ਆਇਆ। ਉਸ ਤੋਂ ਬਾਅਦ "ਦਾਜ", "ਸੁਖੀ ਪਰਿਵਾਰ" ਤੇ "ਦੋ ਜੱਟੀਆਂ"। ਦਾਜ ਤੋਂ ਹਿੰਦੀ ਵਿੱਚ "ਦਹੇਜ" ਬਣੀ। ਇਸ ਤੋਂ ਇਲਾਵਾ ਉਹਨਾਂ "ਲੌਂਗ ਦਾ ਲਿਸ਼ਕਾਰਾ", "ਮਨ ਜੀਤੇ ਜੱਗ ਜੀਤ", "ਦੁੱਖ ਭੰਜਨ ਤੇਰਾ ਨਾਮ", "ਜੈ ਮਾਤਾ ਦੀ","ਗੋਰੀ ਦੀਆਂ ਝਾਜਰਾਂ", "ਮਾਂ ਦਾ ਲਾਡਲਾ" ਤੇ ਹੋਰ ਕਈ ਫਿਲਮਾਂ ਲਈ ਗੀਤ ਲਿਖੇ। ਜਲੰਧਰ ਦੂਰਦਰਸ਼ਨ ਲਈ ਬਹੁਤ ਸਾਰੀਆਂ ਦਸਤਾਵੇਜੀ ਫਿਲਮਾਂ ਬਣਾਈਆਂ।

     ਉਨ੍ਹਾਂ ਨੂੰ ਕਈ ਵਾਰ ਵੱਖ-ਵੱਖ ਸੰਸਥਾਵਾਂ ਅਤੇ ਕਈ ਉੱਚ ਸਖਸ਼ੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ।

     ਉਨ੍ਹਾਂ ਦਾ ਵਿਆਹ ਸੰਨ 1953 ਵਿੱਚ ਸੁਰਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਇੱਕ ਧੀ ਤੇ ਤਿੰਨ ਪੁੱਤਰਾਂ ਨੇ ਜਨਮ ਲਿਆ।

    ਆਖ਼ਿਰ ਵਿੱਚ ਹਸਨਪੁਰੀ ਸਾਹਿਬ ਦੀ ਜ਼ਿੰਦਗੀ ਦੇ ਤਜ਼ਰਬੇ `ਚੋਂ, ਮੁਸ਼ਕਿਲਾਂ `ਚ ਘਿਰਿਆਂ ਲਈ ਹੌਸਲਾ ਦਿੰਦੀਆਂ ਉਹਨਾਂ ਦੀਆਂ ਲਿਖੀਆਂ ਇਹ ਸਤਰਾਂ;

"ਹਿੰਮਤ ਕਰ ਜੇ ਰਸਤੇ ਵਿੱਚ ਕਠਨਾਈਆਂ ਨੇ,

ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ,

ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ,

ਤੈਨੂੰ ਲੈ ਕੇ ਬਹਿ ਜਾਣਾ ਵਡਿਅਈਆਂ ਨੇ।"



No comments:

Post a Comment